Description
Gulistan-Bostan / ਗੁਲਸਤਾਂ ਬੋਸਤਾਂ
ਸ਼ੇਖ਼ ਸਾਦੀ
ਗੁਲਸਤਾਂ – ਬੋਸਤਾਂ ,ਵਿਸ਼ਵ ਪ੍ਰਸਿੱਧ ਫਾਰਸੀ ਵਿਦਵਾਨ ਸ਼ੇਖ਼ ਸਾਦੀ ਦੀਆਂ ਲਿਖੀਆਂ ਦੋ ਮਹਾਨ ਕਿਤਾਬਾਂ ਹਨ । ਜਿੰਨ੍ਹਾਂ ਦਾ ਪੰਜਾਬੀ ਤਰਜ਼ਮਾ ਇੱਕ ਜਿਲਦ ਵਿੱਚ ਆਇਆ ਹੈ।
ਸ਼ੇਖ਼ ਸਾਦੀ ਦਾ ਜਨਮ ਤਕਰੀਬਨ 1184 ਈ. ਵਿੱਚ ਸ਼ੀਰਾਜ਼ ਸ਼ਹਿਰ ਦੇ ਇੱਕ ਨਜ਼ਦੀਕੀ ਪਿੰਡ ਵਿੱਚ ਹੋਇਆ।ਬਾਰਾਂ ਸਾਲ ਦੀ ਉਮਰ ਵਿੱਚ ਪਿਤਾ ਅਬਦੁੱਲਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਰਵਰਿਸ਼ ਸ਼ਰਫ਼ੁੱਦੀਨ ਨੇ ਕੀਤੀ। ਉਹਨਾਂ ਦੀ ਜਵਾਨੀ ਗ਼ਰੀਬੀ ਅਤੇ ਆਫ਼ਤਾਂ ਦਰਮਿਆਨ ਲੰਘੀ। ਸਾਦੀ ਬਿਹਤਰ ਸਿੱਖਿਆ ਹਾਸਿਲ ਕਰਨ ਵਾਸਤੇ ਆਪਣੇ ਜੱਦੀ ਸ਼ਹਿਰ ਸ਼ੀਰਾਜ਼ ਨੂੰ ਛੱਡ ਕੇ ਬਗ਼ਦਾਦ ਲਈ ਰਵਾਨਾ ਹੋ ਗਏ। ਬਗ਼ਦਾਦ ਦੇ ਅਲ ਨਿਜ਼ਾਮੀਆ ਮਦਰੱਸੇ (1195 – 1226) ਵਿੱਚ ਦਾਖ਼ਿਲ ਹੋ ਕੇ ਇਸਲਾਮੀ ਵਿਗਿਆਨ, ਕਾਨੂੰਨ, ਪ੍ਰਸ਼ਾਸਨ, ਇਤਿਹਾਸ, ਅਰਬੀ ਸਾਹਿਤ ਅਤੇ ਇਸਲਾਮੀ ਧਰਮਸ਼ਾਸਤਰ ਵਿੱਚ ਤਾਲੀਮ ਹਾਸਲ ਕੀਤੀ। ਪੜ੍ਹਾਈ ਖ਼ਤਮ ਹੋਣ ਉੱਤੇ ਉਹਨਾਂ ਨੇ ਇਸਲਾਮੀ ਦੁਨੀਆ ਦੇ ਕਈ ਇਲਾਕਿਆਂ ਦਾ ਸਫ਼ਰ ਕੀਤਾ – ਅਰਬ, ਸੀਰੀਆ, ਤੁਰਕੀ, ਮਿਸਰ, ਮੋਰੱਕੋ, ਮੱਧ ਏਸ਼ੀਆ ਅਤੇ ਭਾਰਤ ਵੀ, ਜਿੱਥੇ ਉਹਨਾਂ ਨੇ ਸੋਮਨਾਥ ਦੇ ਪ੍ਰਸਿੱਧ ਮੰਦਿਰ ਵਿੱਚ ਬ੍ਰਾਹਮਣਾਂ ਨਾਲ ਮੁਲਾਕਾਤ ਕੀਤੀ, ਪਰ ਬਹਿਸ ਛਿੜ ਜਾਣ ਕਾਰਨ ਉਥੋਂ ਭੱਜਣਾ ਪਿਆ। ਸੀਰੀਆ ਵਿੱਚ ਸਲੀਬੀ ਜੰਗਾਂ ਦੌਰਾਨ ਮਸੀਹੀਆਂ ਨੇ ਸਾਦੀ ਨੂੰ ਗਿਰਫ਼ਤਾਰ ਕਰ ਲਿਆ ਅਤੇ ਕਈ ਸਾਲ ਮਜ਼ਦੂਰੀ ਕਰਵਾਈ। ਇੱਕ ਪੁਰਾਣੇ ਸਾਥੀ ਨੇ ਸੋਨੇ ਦੇ ਦਸ ਦੀਨਾਰ ਦੇ ਕੇ ਉਹਨਾਂ ਨੂੰ ਛੁਡਾਇਆ। ਉਸ ਨੇ 100 ਦੀਨਾਰ ਦਹੇਜ ਵਿੱਚ ਦੇ ਕੇ ਆਪਣੀ ਧੀ ਦਾ ਵਿਆਹ ਵੀ ਸਾਦੀ ਨਾਲ ਕਰ ਦਿੱਤਾ। ਇਹ ਕੁੜੀ ਬੜੇ ਅੱਖੜ ਸੁਭਾਅ ਦੀ ਸੀ। ਉਹ ਸਾਦੀ ਨੂੰ ਆਪਣੇ ਪਿਤਾ ਦੁਆਰਾ ਪੈਸਾ ਦੇ ਕੇ ਛੁਡਾਉਣ ਦਾ ਤਾਅਨਾ ਦੇੰਦੀ ਰਹਿੰਦੀ। ਇੰਞ ਹੀ ਇੱਕ ਮੌਕੇ ਸਾਦੀ ਨੇ ਉਸਦੇ ਕਿਸੇ ਵਿਅੰਗ ਦੇ ਜਵਾਬ ਵਿੱਚ ਕਿਹਾ: ਹਾਂ, ਤੇਰੇ ਪਿਤਾ ਨੇ ਦਸ ਦੀਨਾਰ ਦੇ ਕੇ ਜ਼ਰੂਰ ਮੈਨੂੰ ਆਜ਼ਾਦ ਕਰਵਾਇਆ ਸੀ ਲੇਕਿਨ ਫਿਰ ਸੌ ਦੀਨਾਰ ਦੇ ਬਦਲੇ ਉਸਨੇ ਮੈਨੂੰ ਮੁੜ ਗ਼ੁਲਾਮ ਬਣਾ ਦਿੱਤਾ।
ਕਈ ਸਾਲਾਂ ਦੇ ਲੰਮੇ ਸਫ਼ਰ ਪਿੱਛੋਂ ਸਾਦੀ ਸ਼ੀਰਾਜ਼ ਪਰਤ ਆਏ ਅਤੇ ਆਪਣੀਆਂ ਮਸ਼ਹੂਰ ਕਿਤਾਬਾਂ – ਬੋਸਤਾਨ ਅਤੇ ਗੁਲਿਸਤਾਨ – ਦੀ ਬਾਨੀਕਾਰੀ ਸ਼ੁਰੂ ਕੀਤੀ। ਇਹਨਾਂ ਵਿੱਚ ਉਸਦੀ ਜ਼ਿੰਦਗੀ ਦੇ ਕਈ ਦਿਲਚਸਪ ਵਾਕਿਆਂ ਦਾ ਅਤੇ ਮੁਖ਼ਤਲਿਫ਼ ਮੁਮਾਲਿਕ ਤੋਂ ਹਾਸਿਲ ਅਨੋਖੇ ਅਤੇ ਕੀਮਤੀ ਤਜਰਬਿਆਂ ਦਾ ਜ਼ਿਕਰ ਹੈ। ਇਹ ਦੋਵੇਂ ਲਿਖਤਾਂ ਸਾਦੀ ਨੇ ਸਾਦ ਅੱਵਲ ਅਤੇ ਸਾਦ ਦੋਮ ਨੂੰ ਨਜ਼ਰ ਕੀਤੀਆਂ। ਉਹ ਸੌ ਤੋਂ ਵਧ ਸਾਲ ਦੀ ਉਮਰ ਗੁਜ਼ਾਰ ਕੇ ਸੰਨ 1292 ਦੇ ਕਰੀਬ ਇੰਤਕਾਲ ਕਰ ਗਏ।






Reviews
There are no reviews yet.