Description
ਸਿੱਖ ਮਸਲੇ
ਕੌਮੀ ਹੋਂਦ , ਹਾਲਾਤ ਤੇ ਇੱਕਜੁੱਟਤਾ
ਮਨਪ੍ਰੀਤ ਸਿੰਘ ਬਾਜ
ਜਦ ਕੋਈ ਸਿੱਖ ਪ੍ਰਚਾਰਕ ਆਪਣੀ ਕੌਮ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਨਾ ਕਰਦਾ ਹੈ ਤਾਂ ਅੱਗੋਂ ਕੁਝ ਸਿੱਖਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਦਿੱਤੇ ਜਾਂਦੇ ਖੋਖਲੇ ਪ੍ਰਤੀਕਰਮ ਇਹ ਸਾਬਤ ਕਰਦੇ ਹਨ ਕਿ ਸਿੱਖਾਂ ਦਾ ਬੌਧਿਕ ਪੱਧਰ ਨਿਵਾਣ ਵੱਲ ਜਾ ਚੁੱਕਾ । ਅਜੋਕੇ ਸੋਸ਼ਲ ਮੀਡੀਆ ਦੇ ਆਧੁਨਿਕ ਯੁੱਗ ਵਿੱਚ ਕਈ ਸਿੱਖਾਂ ਵੱਲੋਂ ਕੁਕਰਮੀ ਦੁਰਾਚਾਰੀ ਤੇ ਭਰਿਸ਼ਟ ਆਗੂਆਂ ਦਾ ਸਮਰਥਨ ਕਰਨਾ ਇਹ ਸਿੱਧ ਕਰਦਾ ਹੈ ਕਿ ਉਹਨਾਂ ਸਿੱਖਾਂ ਦਾ ਬੌਧਿਕ ਪੱਧਰ ਤਾਂ ਗਰਕ ਹੋ ਹੀ ਚੁੱਕਾ ਹੈ। ਕਈ ਅਗਿਆਨੀਆਂ ਵੱਲੋਂ ਗੁਰਮਤਿ ਵਿਹੂਣੀਆਂ ਟਿੱਪਣੀਆਂ ਅਤੇ ਮਨਘੜਤ ਵਿਚਾਰਾਂ ਨਾਲ ਸਿੱਖ ਸਮਾਜ ਅੰਦਰ ਜਿੱਥੇ ਆਪਸੀ ਮੱਤਭੇਦ ਪੈਦਾ ਕੀਤੇ ਜਾਂਦੇ ਹਨ , ਉੱਥੇ ਹੀ ਸਿੱਖੀ ਵਿਚਾਰਧਾਰਾ ਤੇ ਸਿਧਾਂਤਾਂ ਦੇ ਮੂਹਰੇ ਚੁਣੌਤੀ ਖੜ੍ਹੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਖ ਸਮਾਜ ਅੰਦਰ ਭਰਾ ਮਾਰੂ ਜੰਗ ਪੈਦਾ ਕਰਕੇ ਸਿੱਖ ਮਸਲਿਆਂ ਨੂੰ ਹੋਰ ਉਲਝਾਇਆ ਜਾ ਰਿਹਾ ਹੈ। ਅਜਿਹੇ ਹਾਲਾਤ ਸਮੁੱਚੀ ਕੌਮ ਲਈ ਘਾਤਕ ਸਾਬਤ ਹੋ ਰਹੇ ਹਨ। ਜਰੂਰੀ ਹੈ ਕਿ ਸਿੱਖ ਮਸਲਿਆਂ ਸਬੰਧੀ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ , ਗੁਰਮਤਿ ਸਿਧਾਂਤਾਂ ਤੇ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ । ਗੁਰਮਤਿ ਦੀ ਰੌਸ਼ਨੀ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਜਿੱਥੇ ਸਿੱਖ ਮਸਲਿਆਂ ਸਬੰਧੀ ਉਲਝਣਾ ਖਤਮ ਕਰਕੇ ਕੌਮ ਦਾ ਮਾਰਗ ਦਰਸ਼ਨ ਕਰਦੇ ਹਨ ਉੱਥੇ ਹੀ ਕੌਮ ਅੰਦਰ ਇੱਕਜੁੱਟਤਾ ਕਾਇਮ ਰੱਖਣ ਦਾ ਆਧਾਰ ਵੀ ਬਣਦੇ ਹਨ । ਅਕਸਰ ਸਿੱਖ ਕੌਮ ਦੀ ਜੇਕਰ ਯੋਗ ਗਿਣਤੀ ਘੱਟ ਮਸਲਿਆਂ ਸੰਬੰਧੀ ਰੁਚੀ ਨਹੀਂ ਦਿਖਾਉਂਦੀ ਆਪਣੇ ਨਾਲ ਵਾਪਰੀਆਂ ਘਟਨਾਵਾਂ ਤੋਂ ਸਿੱਖਿਆ ਤਾਂ ਕੀ ਲੈਣੀ ਸਗੋਂ ਕੁਝ ਸਮੇਂ ਬਾਅਦ ਉਹਨਾਂ ਘਟਨਾਵਾਂ ਨੂੰ ਵੀ ਭੁਲਾ ਹੀ ਦਿੱਤਾ ਜਾਂਦਾ ਹੈ। ਅਜਿਹਾ ਵਰਤਾਰਾ ਸਿੱਖ ਕੌਮ ਨੂੰ ਦਿਸ਼ਾਹੀਣ ਕਰਦਾ ਹੈ। ਜੇਕਰ ਸਿੱਖ ਕੌਮ ਨੇ ਆਪਣਾ ਧਰਮ ਗੁਰਦੁਆਰਾ ਸਾਹਿਬਾਨ ਵੱਖਰੀ ਸਿੱਖ ਪਹਿਚਾਣ ਸੱਭਿਆਚਾਰ ਤੇ ਰਾਜਨੀਤਿਕ ਹੱਕਾਂ ਤੇ ਹਿਤਾਂ ਨੂੰ ਸੁਰੱਖਿਅਤ ਰੱਖਣਾ ਤੇ ਜਰੂਰੀ ਹੈ ਕਿ ਸਮੁੱਚੀ ਸਿੱਖ ਕੌਮ ਦੇ ਘਰ ਘਰ ਅੰਦਰ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ । ਹਰੇਕ ਅੰਦਰ ਸਿੱਖ ਮਸਲਿਆਂ ਸਬੰਧੀ ਵਿਚਾਰ ਚਰਚਾ ਸ਼ੁਰੂ ਹੋਵੇ । ਹਰੇਕ ਘਰ ਅੰਦਰ ਸਿੱਖ ਮਸਲਿਆਂ ਸਬੰਧੀ ਸਾਹਿਤਿਕ ਸਮੱਗਰੀ ਮੌਜੂਦ ਹੋਵੇ ਤੇ ਹਰੇਕ ਸਿੱਖ ਪਰਿਵਾਰ ਆਪਣੀ ਅਗਲੀ ਪੀੜੀ ਨੂੰ ਸਿੱਖ ਮਸਲਿਆਂ ਸਬੰਧੀ ਜਾਗਰੂਕ ਅਤੇ ਸਿੱਖਿਅਤ ਕਰਨਾ ਯਕੀਨੀ ਬਣਾਵੇ –ਮਨਪ੍ਰੀਤ ਸਿੰਘ ਬਾਜ






Reviews
There are no reviews yet.